ਅੱਗ ਲੱਗਣ ਕਾਰਨ 3 ਕਿਸਾਨਾਂ ਦੀ 12 ਏਕੜ ਕਣਕ ਸੜ ਕੇ ਸੁਆਹ
ਹਰੀਕੇ ਪੱਤਣ (ਤਰਨਤਾਰਨ), 17 ਅਪ੍ਰੈਲ (ਸੰਜੀਵ ਕੁੰਦਰਾ) - ਕਸਬਾ ਹਰੀਕੇ ਪੱਤਣ ਨਜ਼ਦੀਕ ਪੈਂਦੇ ਪਿੰਡ ਠੱਠੀਆਂ ਖ਼ੁਰਦ ਵਿਖੇ ਅੱਗ ਲੱਗਣ ਕਾਰਨ 3 ਕਿਸਾਨਾਂ ਦੀ 12 ਏਕੜ ਕਣਕ ਸੜ ਕੇ ਸੁਆਹ ਹੋ ਗਈ । ਜਾਣਕਾਰੀ ਅਨੁਸਾਰ ਅੱਜ 12 ਵਜੇ ਦੇ ਕਰੀਬ ਕਿਸਾਨ ਬੂਟਾ ਸਿੰਘ ਦੇ ਖੇਤਾਂ ਵਿਚ ਕਣਕ ਨੂੰ ਅਚਾਨਕ ਅੱਗ ਲੱਗ ਗਈ ਜੋ ਵੇਖਦਿਆਂ ਹੀ ਵੇਖਦਿਆਂ ਤੇਜ਼ੀ ਨਾਲ ਫੈਲ ਗਈ। ਅੱਗ ਦੀਆਂ ਤੇਜ਼ ਲਪਟਾਂ ਨੇ ਹੋਰ ਰਕਬੇ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਨੇੜਲੇ ਪਿੰਡਾਂ ਦੇ ਲੋਕ ਅਤੇ ਐਸ.ਐਚ.ਓ. ਹਰੀਕੇ ਬਲਬੀਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਵੱਡੀ ਗਿਣਤੀ ਵਿਚ ਇਕੱਠੇ ਹੋਏ ਲੋਕਾਂ ਨੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਬੜੀ ਜਦੋ ਜਹਿਦ ਨਾਲ ਅੱਗ 'ਤੇ ਕਾਬੂ ਪਾਇਆ । ਪਰੰਤੂ ਅੱਗ ਦੇ ਤੇਜ਼ ਪ੍ਹਕੋਪ ਨੇ ਕਿਸਾਨ ਬੂਟਾ ਸਿੰਘ ਪੁੱਤਰ ਅਜੀਤ ਸਿੰਘ ਦੀ 6 ਏਕੜ, ਹਰਦੀਪ ਸਿੰਘ ਪੁੱਤਰ ਹਰਵੰਤ ਸਿੰਘ ਦੀ 4 ਏਕੜ ਅਤੇ ਕਰਮ ਸਿੰਘ ਪੁੱਤਰ ਚਾਨਣ ਸਿੰਘ ਵਾਸੀ ਠੱਠੀਆਂ ਖ਼ੁਰਦ ਦੀ 2 ਏਕੜ ਕਣਕ ਨੂੰ ਸਾੜ ਕੇ ਸੁਆਹ ਕਰ ਦਿੱਤਾ । ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗਿਆ । ਐਸ,ਐਚ.ਓ. ਬਲਬੀਰ ਸਿੰਘ ਨੇ ਦੱਸਿਆ ਕਿ ਸਥਾਨਕ ਲੋਕਾਂ ਅਤੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ 'ਤੇ ਕਾਬੂ ਪਾ ਲਿਆ ਗਿਆ ।
;
;
;
;
;
;
;
;