ਕਿੰਨਰ ਕਤਲ ਮਾਮਲਾ: ਪੁਲਿਸ ਨੇ ਗੁੱਥੀ ਸੁਲਝਾਈ-ਦੋਸ਼ੀ ਗ੍ਰਿਫ਼ਤਾਰ
ਸ੍ਰੀ ਮੁਕਤਸਰ ਸਾਹਿਬ, 17 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)- ਪਿੰਡ ਕੋਟਭਾਈ ਵਿਖੇ ਹੋਏ ਅੰਨ੍ਹੇ ਕਤਲ ਦੀ ਪੁਲਿਸ ਨੇ ਗੁੱਥੀ ਸੁਲਝਾ ਲਈ ਹੈ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸੰਬੰਧੀ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਐਸ.ਪੀ.(ਡੀ) ਮਨਮੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਪੁਲਿਸ ਨੂੰ ਮੁਦੱਈ ਨੇ ਦਿੱਤੇ ਬਿਆਨ ਵਿਚ ਦੱਸਿਆ ਕਿ ਸਰਬਜੀਤ ਮਹੰਤ ਘਰ ਦਾ ਗੇਟ ਨਹੀਂ ਖੋਲ੍ਹ ਰਿਹਾ ਹੈ। ਘਰ ਦੇ ਬਾਹਰਲੇ ਗੇਟ ਦਾ ਅੰਦਰੋਂ ਕੁੰਡਾ ਤੋੜ ਕੇ ਕਮਰੇ ਨੂੰ ਲੱਗੇ ਗੇਟਾਂ ਦੇ ਤਾਲੇ ਤੋੜ ਕੇ ਵੇਖਿਆ ਤਾਂ ਕਮਰੇ ਅੰਦਰ ਇਕ ਸਰਬਜੀਤ ਮਹੰਤ ਉਮਰ ਕਰੀਬ 37/38 ਸਾਲ ਦੀ ਲਾਸ਼ ਪਈ ਸੀ। ਲਾਸ਼ ’ਤੇ ਤੇਜ਼ਧਾਰ ਹਥਿਆਰਾਂ ਨਾਲ ਸੱਟਾਂ ਦੇ ਨਿਸ਼ਾਨ ਸਨ। ਉਸ ਦਾ ਕਿਸੇ ਨਾ ਮਲੂਮ ਵਿਅਕਤੀ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਸੱਟਾਂ ਮਾਰ ਕੇ ਕਤਲ ਕਰ ਦਿੱਤਾ ਹੈ।
ਪੁਲਿਸ ਵਲੋਂ ਮੁਦੱਈ ਦੇ ਬਿਆਨਾਂ ਦੇ ਅਧਾਰ ’ਤੇ ਥਾਣਾ ਕੋਟਭਾਈ ਵਿਖੇ ਨਾਮਲੂਮ ਵਿਅਕਤੀ ਖ਼ਿਲਾਫ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਕੱਦਮੇ ਦੀ ਤਫ਼ਤੀਸ਼ ਦੌਰਾਨ ਤਕਨੀਕੀ ਟੀਮ ਅਤੇ ਪੁਲਿਸ ਵਲੋਂ ਆਪਣੇ ਸੂਤਰਾਂ ਰਾਹੀਂ ਪਤਾ ਲਾਇਆ ਕਿ ਇਹ ਸਰਬਜੀਤ ਮਹੰਤ ਦਾ ਕਤਲ ਗੁਰਮੀਤ ਸਿੰਘ ਪਿੰਡ ਕੋਟਭਾਈ ਨੇ ਕੀਤਾ ਹੈ, ਜਿਸ ’ਤੇ ਮੁਕੱਦਮੇ ਵਿਚ ਗੁਰਮੀਤ ਸਿੰਘ ਨੂੰ ਦੋਸ਼ੀ ਨਾਮਜ਼ਦ ਕੀਤਾ ਗਿਆ, ਜਿਸ ਤੇ ਕਾਰਵਾਈ ਕਰਦੇ ਹੋਏ ਵੱਖ-ਵੱਖ ਟੀਮਾਂ ਗਠਿਤ ਕਰਕੇ ਗੁਰਮੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਗੁਰਮੀਤ ਸਿੰਘ ਵਲੋਂ ਸਰਬਜੀਤ ਮਹੰਤ ਦੀਆਂ ਚੋਰੀ ਕੀਤੀਆਂ ਕੰਨਾਂ ਦੀਆਂ ਵਾਲੀਆਂ, ਨੱਕ ਦੀ ਵਾਲੀ, ਮੋਬਾਇਲ ਫੋਨ ਅਤੇ ਵਰਤਿਆ ਗਿਆ ਹਥਿਆਰ ਬਰਾਮਦ ਕਰਨਾ ਅਜੇ ਬਾਕੀ ਹੈ। ਉਨ੍ਹਾਂ ਦੱਸਿਆ ਕਿ ਗੁਰਮੀਤ ਸਿੰਘ ਖਿਲਾਫ਼ ਪਹਿਲਾਂ ਵੀ ਇਕ ਮੁਕਦਮਾ ਚੋਰੀ ਦਾ ਦਰਜ ਹੈ। ਇਸ ਮੌਕੇ ਅਰੁਣ ਮੁੰਡਨ ਡੀ.ਐਸ.ਪੀ. ਗਿੱਦੜਬਾਹਾ, ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ਼ ਸ੍ਰੀ ਮੁਕਤਸਰ ਸਾਹਿਬ, ਦੀਪਿਕਾ ਰਾਣੀ ਮੁਖੀ ਥਾਣਾ ਕੋਟਭਾਈ ਵੀ ਹਾਜ਼ਰ ਸਨ।
;
;
;
;
;
;
;
;