ਜ਼ਮੀਨ ਵਿਵਾਦ ’ਚ ਪੁੱਤਰ ਨੇ ਪਿਤਾ ਨੂੰ ਜੀਪ ਨਾਲ ਦਰੜਿਆ, ਮੌਤ
ਡੱਬਵਾਲੀ, 6 ਅਪ੍ਰੈਲ (ਇਕਬਾਲ ਸਿੰਘ ਸ਼ਾਂਤ)-ਪਿੰਡ ਅਹਿਮਦਪੁਰ ਦਾਰੇਵਾਲਾ ਵਿਖੇ ਜ਼ਮੀਨੀ ਵਿਵਾਦ ਤਹਿਤ ਇਕ ਪੁੱਤਰ ਨੇ ਆਪਣੇ ਪਿਤਾ ਨੂੰ ਜੀਪ ਨਾਲ ਟੱਕਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਹ ਘਟਨਾ ਬੀਤੀ ਰਾਤ ਕਰੀਬ ਸਾਢੇ 9 ਵਜੇ ਵਾਪਰੀ। ਮ੍ਰਿਤਕ ਦੀ ਪਛਾਣ 65 ਸਾਲਾ ਜਸਵੰਤ ਸਿੰਘ ਵਜੋਂ ਹੋਈ ਹੈ। ਉਹ ਖੇਤ ਤੋਂ ਪਾਣੀ ਲਗਾ ਕੇ ਘਰ ਵਾਪਸ ਆ ਰਹੇ ਸਨ ਤੇ ਜਿਵੇਂ ਹੀ ਉਹ ਘਰ ਦੇ ਮੂਹਰੇ ਪੁੱਜੇ ਤਾਂ ਉਨ੍ਹਾਂ ਦੇ ਪੁੱਤਰ ਰਾਮ ਸਿੰਘ ਨੇ ਜੀਪ ਨਾਲ ਟੱਕਰ ਮਾਰ ਦਿੱਤੀ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਸੂਚਨਾ ਮਿਲਣ ’ਤੇ ਸਦਰ ਪੁਲਿਸ ਮੌਕੇ ’ਤੇ ਪੁੱਜ ਗਈ।
ਜਾਣਕਾਰੀ ਅਨੁਸਾਰ ਪਿਤਾ-ਪੁੱਤਰ ਵਿਚ ਜ਼ਮੀਨ ਦੀ ਹਿੱਸੇਦਾਰੀ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ ਅਤੇ ਦੋਵਾਂ ਵਿਚਕਾਰ ਆਮ ਤੌਰ ’ਤੇ ਝਗੜਾ ਹੁੰਦਾ ਰਹਿੰਦਾ ਸੀ। ਮ੍ਰਿਤਕ ਦੇ ਤਿੰਨ ਪੁੱਤਰ ਅਤੇ ਇਕ ਲੜਕੀ ਹੈ। ਇਕ ਪੁੱਤਰ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ, ਜਦਕਿ ਇਕ ਹੋਰ ਪੁੱਤਰ ਮਾਨਸਿਕ ਤੌਰ ’ਤੇ ਅਸਮਰੱਥ ਦੱਸਿਆ ਜਾਂਦਾ ਹੈ। ਮੁਲਜ਼ਮ ਰਾਮ ਸਿੰਘ ਆਪਣੇ ਪਿਤਾ ਨਾਲ ਹੀ ਪਿੰਡ ਵਿਚ ਰਹਿੰਦਾ ਸੀ।
ਪਿੰਡ ਵਾਸੀਆਂ ਮੁਤਾਬਕ ਰਾਮ ਸਿੰਘ ਆਪਣੀ ਵਿਆਹੀ ਹੋਈ ਭੈਣ ਦੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਭੈਣ ਦੇ ਪਤੀ ਦੀ ਕੁੱਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਸੀ, ਜਿਸ ਤੋਂ ਬਾਅਦ ਜ਼ਮੀਨ ਦੀ ਦੇਖਭਾਲ ਰਾਮ ਸਿੰਘ ਕਰ ਰਿਹਾ ਸੀ। ਦੋਸ਼ ਹੈ ਕਿ ਉਸ ਨੇ ਭੈਣ ਦੀ ਜ਼ਮੀਨ ਦਾ ਕੁਝ ਹਿੱਸਾ ਵੇਚ ਦਿੱਤਾ, ਪਰ ਪੂਰੀ ਰਕਮ ਉਸ ਨੂੰ ਨਹੀਂ ਦਿੱਤੀ। ਜਸਵੰਤ ਸਿੰਘ ਆਪਣੀ ਧੀ ਨੂੰ ਉਸ ਦਾ ਹੱਕ ਦਿਵਾਉਣ ਦੇ ਹੱਕ ਵਿਚ ਸਨ ਅਤੇ ਇਸ ਗੱਲ ਨੂੰ ਲੈ ਕੇ ਉਹ ਰਾਮ ਸਿੰਘ ਨੂੰ ਰੋਕਦੇ ਰਹਿੰਦੇ ਸਨ। ਇਸ ਕਾਰਨ ਪਿਤਾ-ਪੁੱਤਰ ਵਿਚ ਵਿਵਾਦ ਵਧਦਾ ਗਿਆ ਅਤੇ ਮਾਮਲਾ ਕਤਲ ਤੱਕ ਪਹੁੰਚ ਗਿਆ।
ਥਾਣਾ ਸਦਰ ਦੇ ਮੁਖੀ ਸ਼ੈਲੇੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦੀ ਤਲਾਸ਼ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
;
;
;
;
;
;
;