JALANDHAR WEATHER

ਕੈਬਨਿਟ ਮੰਤਰੀ ਬਰਿੰਦਰ ਗੋਇਲ ਵਲੋਂ ਕਬੱਡੀ ਖਿਡਾਰੀ ਮਨਦੀਪ ਸਿੰਘ ਦਾ ਸਨਮਾਨ

ਲਹਿਰਾਗਗਾ/ਮੂਨਕ (ਸੰਗਰੂਰ), 19 ਅਪ੍ਰੈਲ (ਅਸ਼ੋਕ ਗਰਗ, ਕੇਵਲ ਸਿੰਗਲਾ) - ਕੈਬਨਿਟ ਮੰਤਰੀ ਬਰਿੰਦਰ ਗੋਇਲ ਵੱਲੋਂ ਵਿਧਾਨ ਸਭਾ ਹਲਕਾ ਲਹਿਰਾਗਗਾ ਦੇ ਪਿੰਡ ਬੱਲਰਾ ਵਿਖੇ ਪਹੁੰਚ ਕੇ ਕਬੱਡੀ ਖਿਡਾਰੀ ਮਨਦੀਪ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਮਨਦੀਪ ਸਿੰਘ ਨੇ ਪਿੰਡ ਭਲੱਥ ਵਿਖੇ ਹੋਏ ਕਬੱਡੀ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬੁਲੇਟ ਮੋਟਰਸਾਈਕਲ ਸਮੇਤ ਕਰੀਬ 14 ਲੱਖ ਰੁਪਏ ਦਾ ਇਨਾਮ ਜਿੱਤ ਕੇ ਆਪਣੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਖਿਡਾਰੀ ਵੱਖ ਵੱਖ ਸਥਾਨਾਂ 'ਤੇ ਹੋਏ ਕਬੱਡੀ ਮੁਕਾਬਲਿਆਂ ਵਿਚ ਘੋੜੀਆਂ, ਗੱਡੀਆਂ, ਨਗਦ ਇਨਾਮ ਆਦਿ ਜਿੱਤ ਕੇ ਇਲਾਕੇ ਦਾ ਨਾਂਅ ਰੋਸ਼ਨ ਕਰ ਚੁੱਕਾ ਹੈ। ਬਰਿੰਦਰ ਗੋਇਲ ਨੇ ਖਿਡਾਰੀ ਨੂੰ ਵਧਾਈ ਦਿੱਤੀ ਅਤੇ ਉਸਦੇ ਸੁਨਿਹਰੇ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਪੰਜਾਬ ਦੀ ਧਰਤੀ ਖੇਡਾਂ ਲਈ ਮਸ਼ਹੂਰ ਰਹੀ ਹੈ ਅਤੇ ਇੱਥੋਂ ਦੇ ਨੌਜਵਾਨਾਂ ਵਿਚ ਬੇਹੱਦ ਕਾਬਲੀਅਤ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਖਿਡਾਰੀਆਂ ਨੂੰ ਬਣਦਾ ਮਾਣ-ਸਨਮਾਨ ਦੇਣ ਅਤੇ ਉਨ੍ਹਾਂ ਨੂੰ ਅੱਗੇ ਵਧਣ ਲਈ ਮੌਕੇ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪਿੰਡ ਪੱਧਰ ਤੋਂ ਲੈ ਕੇ ਸੂਬਾ ਪੱਧਰ ਤੱਕ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਨਵੇਂ ਖੇਡ ਮੈਦਾਨਾਂ ਦਾ ਵਿਕਾਸ, ਆਧੁਨਿਕ ਸਹੂਲਤਾਂ ਦੀ ਉਪਲਬਧਤਾ ਅਤੇ ਖਿਡਾਰੀਆਂ ਲਈ ਪ੍ਰੋਤਸਾਹਨ ਰਾਸ਼ੀਆਂ ਜਿਹੇ ਕਦਮ ਚੁੱਕੇ ਜਾ ਰਹੇ ਹਨ, ਜਿਸ ਨਾਲ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ “ਰੰਗਲਾ ਪੰਜਾਬ” ਅਤੇ “ਨਸ਼ਾ ਮੁਕਤ ਪੰਜਾਬ” ਦਾ ਸੁਪਨਾ ਤਾਂ ਹੀ ਸਾਕਾਰ ਹੋ ਸਕਦਾ ਹੈ ਜਦੋਂ ਨੌਜਵਾਨ ਆਪਣੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿਚ ਲਗਾਉਣ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਡਾਂ ਨਾਲ ਜੁੜ ਕੇ ਆਪਣਾ ਅਤੇ ਸੂਬੇ ਦਾ ਨਾਮ ਰੋਸ਼ਨ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿਣ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ