ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ’ਚ ਸ਼ੁਰੂ ਕੀਤਾ ਆਨਲਾਈਨ ਹਾਜ਼ਰੀ ਟ੍ਰੈਕਿੰਗ ਸਿਸਟਮ
ਚੰਡੀਗੜ੍ਹ, 9 ਅਪ੍ਰੈਲ - ਪੰਜਾਬ ਸਰਕਾਰ ਨੇ ਅੱਜ ਤੋਂ ਸੂਬੇ ਭਰ ਦੇ 18,000 ਸਰਕਾਰੀ ਸਕੂਲਾਂ ਵਿਚ ਆਨਲਾਈਨ ਹਾਜ਼ਰੀ ਟਰੈਕਿੰਗ ਸਿਸਟਮ ਲਾਗੂ ਕਰ ਦਿੱਤਾ ਹੈ। ਜੇਕਰ ਬੱਚੇ ਸਕੂਲ ਤੋਂ ਗੈਰ-ਹਾਜ਼ਰ ਰਹਿੰਦੇ ਹਨ ਤਾਂ ਇਹ ਮਾਪਿਆਂ ਨੂੰ ਇਕ ਸੁਨੇਹਾ ਭੇਜੇਗਾ ਅਤੇ ਜੇਕਰ ਕੋਈ ਬੱਚਾ ਤਿੰਨ ਦਿਨਾਂ ਤੋਂ ਵੱਧ ਸਮੇਂ ਲਈ ਗੈਰ-ਹਾਜ਼ਰ ਰਹਿੰਦਾ ਹੈ, ਤਾਂ ਸਕੂਲ ਮਾਪਿਆਂ ਨੂੰ ਫ਼ੋਨ ਕਰੇਗਾ ਅਤੇ ਫਿਰ ਵੀ ਜੇਕਰ ਇਹ ਜਾਰੀ ਰਿਹਾ ਤਾਂ ਜ਼ਿਲ੍ਹਾ ਅਤੇ ਫਿਰ ਹੈੱਡਕੁਆਰਟਰ ਦੇ ਅਧਿਕਾਰੀ 15 ਦਿਨਾਂ ਬਾਅਦ ਉਨ੍ਹਾਂ ਨਾਲ ਸੰਪਰਕ ਕਰਨਗੇ।
ਇਹ ਦਾਅਵਾ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ। ਉਨ੍ਹਾਂ ਕਿਹਾ ਕਿ ਇਹ ਸਿਸਟਮ ਅੱਜ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਬੱਚਿਆਂ ਦੀ ਸੁਰੱਖਿਆ ਨੂੰ ਵੀ ਮਜ਼ਬੂਤ ਕਰੇਗਾ। ਇਹ ਸਰਕਾਰੀ ਸਕੂਲਾਂ ਵਿਚ ਪੜ੍ਹ ਰਹੇ ਸਾਰੇ ਵਿਦਿਆਰਥੀਆਂ ਨੂੰ ਕਵਰ ਕਰੇਗਾ। 30 ਲੱਖ ਵਿਦਿਆਰਥੀ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਹਨ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਜਦੋਂ ਉਹ 2022 ਵਿਚ ਮੰਤਰੀ ਬਣੇ, ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਸਤੰਬਰ-ਅਕਤੂਬਰ ਤੱਕ ਸਕੂਲਾਂ ਵਿਚ ਪਾਠ-ਪੁਸਤਕਾਂ ਨਹੀਂ ਪਹੁੰਚ ਰਹੀਆਂ ਸਨ ਅਤੇ ਬੱਚਿਆਂ ਨੂੰ ਫੋਟੋਕਾਪੀਆਂ ਦੀ ਵਰਤੋਂ ਕਰਕੇ ਪੜ੍ਹਾਇਆ ਜਾਂਦਾ ਸੀ। ਪਰ ਜਿਵੇਂ ਹੀ 'ਆਪ' ਸਰਕਾਰ ਸੱਤਾ ਵਿਚ ਆਈ, ਸਿਸਟਮ ਵਿਚ ਸੁਧਾਰ ਕੀਤਾ ਗਿਆ। ਇਸ ਲਈ ਇਕ ਰਣਨੀਤੀ ਤਿਆਰ ਕੀਤੀ ਗਈ। ਇਸ ਵਾਰ ਫਰਵਰੀ ਵਿਚ ਸਕੂਲਾਂ ਵਿਚ ਕਿਤਾਬਾਂ ਪਹੁੰਚਾਈਆਂ ਗਈਆਂ। ਉਸ ਤੋਂ ਬਾਅਦ ਪ੍ਰਾਈਵੇਟ ਸਕੂਲਾਂ ਵਾਂਗ 1 ਅਪ੍ਰੈਲ ਨੂੰ ਬੱਚਿਆਂ ਨੂੰ ਕਿਤਾਬਾਂ ਦੇ ਬੰਡਲ ਵੰਡੇ ਗਏ, ਜਿਸ ਨਾਲ ਸਕੂਲਾਂ ’ਚ ਪੜ੍ਹਾਈ ਸ਼ੁਰੂ ਕਰਨ ’ਚ ਕੋਈ ਸਮੱਸਿਆ ਪੇਸ਼ ਨਹੀਂ ਆਈ।
;
;
;
;
;
;
;
;