ਗੋਲਡੀ ਬਰਾੜ ਦੇ ਮਾਤਾ-ਪਿਤਾ ਅਦਾਲਤ ’ਚ ਪੇਸ਼-30 ਤੱਕ ਮਿਲਿਆ ਰਿਮਾਂਡ
ਸ੍ਰੀ ਮੁਕਤਸਰ ਸਾਹਿਬ 27 ਜਨਵਰੀ- (ਰਣਜੀਤ ਸਿੰਘ ਢਿੱਲੋਂ)-ਗੋਲਡੀ ਬਰਾੜ ਦੇ ਪਿਤਾ ਸ਼ਮਸ਼ੇਰ ਸਿੰਘ ਅਤੇ ਮਾਤਾ ਪ੍ਰਿਤਪਾਲ ਕੌਰ ਨੂੰ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਨਯੋਗ ਅਦਾਲਤ ’ਚ ਪੇਸ਼ ਕੀਤਾ ਗਿਆ। ਜਿਸ ’ਚ ਪੁਲਿਸ ਵਲੋਂ ਪੰਜ ਦਿਨ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ। ਪਰ ਵਕੀਲ ਵਲੋਂ ਦਿੱਤੀਆਂ ਦਲੀਲਾਂ ਨੂੰ ਵੀ ਸੁਣਿਆ ਗਿਆ।
ਇਸ ਮੌਕੇ ਮਾਨਯੋਗ ਅਦਾਲਤ ਵੱਲੋਂ 30 ਜਨਵਰੀ ਤੱਕ ਪੁਲਿਸ ਰਿਮਾਂਡ ਦਿੱਤਾ ਗਿਆ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੋਲਡੀ ਬਰਾੜ ਦੇ ਮਾਤਾ ਪਿਤਾ ਦੇ ਵਕੀਲ ਬਾਬੂ ਸਿੰਘ ਸਿੱਧੂ ਨੇ ਕਿਹਾ ਕਿ ਇਨ੍ਹਾਂ ਦੋਵਾਂ ਨੂੰ ਇਕ ਸਾਲ ਪੁਰਾਣੇ ਕੇਸ ’ਚ ਨਾਮਜ਼ਦ ਕੀਤਾ ਗਿਆ ਹੈ। ਜਦੋਂ ਇਹ ਦੋਵੇਂ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਗਏ ਸਨ ਅਤੇ ਸ਼ਹਿਰ ’ਚ ਠਹਿਰੇ ਸਨ। ਪੁਲਿਸ ਨੇ ਕਿਹਾ ਕਿ ਇਨ੍ਹਾਂ ਕੋਲੋਂ 28000 ਰੁਪਏ ਨਗਦੀ ਬਰਾਮਦ ਹੋਈ ਹੈ। ਜਦ ਕਿ ਇਹ ਕੋਈ ਹੈਵੀ ਅਮਾਊਂਟ ਨਹੀਂ, ਇੰਨੇ ਪੈਸੇ ਤਾਂ ਆਮ ਹੀ ਵੱਡੇ ਸ਼ਹਿਰ ’ਚ ਜਾਣ ਸਮੇਂ ਲੋਕ ਲੈ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਗੈਂਗਸਟਰਾਂ ਵਿਰੁੱਧ ਜੋ ਯੁੱਧ ਸ਼ੁਰੂ ਕੀਤਾ ਗਿਆ ਹੈ, ਉਸ ਮਾਮਲੇ ’ਚ ਸਰਕਾਰ ਨੂੰ ਖੁਸ਼ ਕਰਨ ਲਈ ਹੀ ਅਤੇ ਆਪਣੀ ਗੱਲ ਪੁਗਾਉਣ ਲਈ ਫਰਜ਼ੀ ਕੇਸ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਨੰਬਰ ਤੋਂ ਫਿਰੌਤੀ ਸਬੰਧੀ ਸ਼ਿਕਾਇਤ ਕਰਤਾ ਨੂੰ ਫੋਨ ਆਇਆ ਸੀ, ਉਸ ਦੀ ਅਜੇ ਤੱਕ ਕਾਲ ਡਿਟੇਲ ਨਹੀਂ ਕਢਾਈ ਜਾ ਸਕੀ। ਹੁਣ ਦੁਬਾਰਾ ਉਸ ਸ਼ਿਕਾਇਤ ਕਰਤਾ ਵੱਲੋਂ ਦੁਬਾਰਾ ਸ਼ਿਕਾਇਤ ਦਰਜ ਕਰਵਾ ਕੇ ਕਿਹਾ ਗਿਆ ਕਿ ਪੜਤਾਲ ਕਰ ਰਹੀ ਹੈ ਤੇ ਇਸ ’ਚ ਸ਼ਮਸ਼ੇਰ ਸਿੰਘ ਦਾ ਹੱਥ ਹੈ। ਜਿਸ ਮਗਰੋਂ ਪਹਿਲਾਂ ਉਨ੍ਹਾਂ ਨੂੰ ਅਤੇ ਫਿਰ ਬਾਅਦ ’ਚ ਪ੍ਰਿਤਪਾਲ ਕੌਰ ਨੂੰ ਵੀ ਨਾਮਜ਼ਦ ਕਰ ਲਿਆ ਗਿਆ। ਪੁਲਿਸ ਨੇ ਕਿਹਾ ਕਿ ਪੰਜ ਦਿਨ ਦਾ ਉਹ ਇਸ ਲਈ ਰਿਮਾਂਡ ਮੰਗ ਰਹੇ ਹਨ ਕਿ ਹਰ ਗੱਲ ਗੋਲਮੋਲ ਤਰੀਕੇ ਨਾਲ ਘੁਮਾ ਕੇ ਇਨ੍ਹਾਂ ਵਲੋਂ ਕੀਤੀ ਗਈ ਹੈ। ਪਰ ਇਨ੍ਹਾਂ ਨੂੰ 30 ਜਨਵਰੀ ਤੱਕ ਦਾ ਰਿਮਾਂਡ ਮਿਲਿਆ ਹੈ ਅਤੇ 30 ਜਨਵਰੀ ਦੀ ਪੇਸ਼ੀ ਤੋਂ ਬਾਅਦ ਅੱਗੇ ਪਤਾ ਲੱਗੇਗਾ।