ਪੀਜ਼ੇ ਦੀ ਦੁਕਾਨ 'ਤੇ ਹੈਰੋਇਨ ਦੀ ਤਸਕਰੀ ; ਕਰੋੜਾਂ ਰੁਪਏ ਦੇ ਮੁੱਲ ਦੀ ਹੈਰੋਇਨ ਬਰਾਮਦ
ਲੁਧਿਆਣਾ, 22 ਅਪ੍ਰੈਲ, ਪਰਮਿੰਦਰ ਸਿੰਘ ਆਹੂਜਾ-ਥਾਣਾ ਹੈਬੋਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਸਿਵਿਲ ਸਿਟੀ ਵਿਚ ਪੁਲਿਸ ਵਲੋਂ ਇਕ ਪੀਜ਼ਾ ਐਕਸਪਰੈਸ ਨਾਮ ਦੀ ਦੁਕਾਨ 'ਤੇ ਕੀਤੀ ਗਈ ਛਾਪਾਮਾਰੀ ਦੌਰਾਨ ਕਰੋੜਾਂ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲਿਸ ਵਲੋਂ ਕਾਰਵਾਈ ਕਰਦਿਆਂ ਦੁਕਾਨ ਮਾਲਕ ਨੂੰ ਕਾਬੂ ਕਰ ਲਿਆ ਗਿਆ ਹੈ । ਜਾਣਕਾਰੀ ਦਿੰਦਿਆਂ ਥਾਣਾ ਹੈਬੋਵਾਲ ਦੇ ਐਸ.ਐਚ.ਓ. ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਪੁਲਿਸ ਵਲੋਂ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖਤ ਨੀਲੂ ਕੁਮਾਰ ਵਜੋਂ ਹੋਈ ਹੈ । ਉਹ ਸਿਵਿਲ ਸਿਟੀ ਵਿਚ ਪੀਜ਼ਾ ਐਕਸਪਰੈਸ ਦੀ ਦੁਕਾਨ ਚਲਾਉਂਦਾ ਹੈ ਅਤੇ ਪੀਜ਼ਾ ਵੇਚਣ ਦੀ ਆੜ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਵੀ ਕਰਦਾ ਹੈ । ਇਸ ਸਬੰਧੀ ਸੂਚਨਾ ਮਿਲਦਿਆਂ ਹੀ ਫੌਰਨ ਕਾਰਵਾਈ ਕਰਦਿਆਂ ਪੁਲਿਸ ਨੇ ਉੱਥੇ ਛਾਪਾਮਾਰੀ ਕੀਤੀ । ਤਿੰਨ ਘੰਟੇ ਦੇ ਕਰੀਬ ਦੀ ਛਾਪਾ ਮਾਰੀ ਦੌਰਾਨ ਪੁਲਿਸ ਵਲੋਂ 400 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ , ਜਿਸਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ 2 ਕਰੋੜ ਰੁਪਏ ਦੱਸੀ ਜਾਂਦੀ ਹੈ । ਪੁਲਿਸ ਮੁਤਾਬਿਕ ਮੁਲਜ਼ਮ ਆਪਣੇ ਗਾਹਕਾਂ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਹੈਰੋਇਨ ਦੀ ਸਪਲਾਈ ਕਰਦਾ ਸੀ । ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿਚ ਕੁਝ ਹੋਰ ਲੋਕ ਵੀ ਸ਼ਾਮਿਲ ਹਨ ਜਿਨਾਂ ਦੀ ਪੁਲਿਸ ਵਲੋਂ ਭਾਲ ਕੀਤੀ ਜਾ ਰਹੀ ਹੈ , ਪਰ ਇਹਨਾਂ ਦੇ ਨਾਮਾਂ ਦਾ ਖ਼ੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ । ਪੁਲਿਸ ਮੁਤਾਬਿਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਦੌਰਾਨ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
;
;
;
;
;
;
;
;