JALANDHAR WEATHER

ਸੂਬੇ ਦਾ ਮੁੱਖ ਮੰਤਰੀ ਸਟੇਜਾਂ ’ਤੇ ਚੁਟਕਲੇ ਸੁਣਾ ਰਿਹਾ-ਚਰਨਜੀਤ ਸਿੰਘ ਚੰਨੀ

ਤਪਾ ਮੰਡੀ (ਬਰਨਾਲਾ ),12 ਅਪ੍ਰੈਲ (ਵਿਜੇ ਸ਼ਰਮਾ) -ਪੰਜਾਬ ਅੰਦਰ ਅਮਨ-ਕਾਨੂੰਨ ਦੀ ਸਥਿਤੀ ਕੋਈ ਬਹੁਤੀ ਵਧੀਆ ਨਹੀਂ, ਕਿਉਂਕਿ ਚਿੱਟੇ ਦਿਨ ਨਕਾਬਪੋਸ਼ ਲੁਟੇਰਿਆਂ ਵਲੋਂ ਅਸਲੇ ਦੀ ਨੋਕ ’ਤੇ ਬੈਂਕਾਂ ਅਤੇ ਆਉਂਦੇ ਜਾਂਦੇ ਰਾਹਗੀਰਾਂ ਅਤੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸ ਕਰਕੇ ਸੂਬੇ ਦੇ ਲੋਕਾਂ ਵਿਚ ਸਹਿਮ ਪਾਇਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਵਿਚ ਹਰ ਫਰੰਟ ’ਤੇ ਫੇਲ੍ਹ ਸਾਬਤ ਹੋ ਰਹੀ ਹੈ, ਕਿਉਂਕਿ ਸਰਕਾਰ ਦੇ ਮੰਤਰੀਆਂ ਵਲੋਂ ਲੋਕਾਂ ਨਾਲ ਕੀਤੇ ਧੱਕੇ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ ਅਤੇ ਮੁਲਾਜ਼ਮ ਵਰਗ ਹਰ ਰੋਜ਼ ਸੜਕਾਂ ’ਤੇ ਰੁਲ ਰਿਹਾ ਹੈ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੂਬੇ ਦੇ ਸਾਬਕਾ ਮੁੱਖ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਬਰਨਾਲਾ-ਬਠਿੰਡਾ ਹਾਈਵੇ ’ਤੇ ਇਕ ਹੋਟਲ ਵਿਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਆਗੂ ਅਸ਼ਵਨੀ ਕੁਮਾਰ ਆਸ਼ੂ ਭੂਤ ਵਲੋਂ ਕੀਤੇ ਸਵਾਗਤ ਤੋਂ ਬਾਅਦ ਗੱਲਬਾਤ ਕਰਦਿਆਂ ਹੋਇਆਂ ਕੀਤਾ। ਚੰਨੀ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਵੱਲੋਂ ਸੂਬੇ ਦੀ ਜਨਤਾ ਦਾ ਕਰੋੜਾਂ ਰੁਪਈਆ ਆਪਣੀ ਪਾਰਟੀ ਦੇ ਨਾਂ ’ਤੇ ਐਡਵੋਟਾਈਜਮੈਂਟ ਲਈ ਖਰਚਿਆ ਜਾ ਰਿਹਾ ਹੈ। ਜਿਸ ਦਾ ਸੂਬੇ ਦੇ ਲੋਕਾਂ ਨੂੰ ਕੋਈ ਵੀ ਲਾਭ ਨਹੀਂ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਆਪਣੇ ਚੋਣ ਵਾਅਦਿਆਂ ਵਿਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਅਤੇ ਸੂਬੇ ਦਾ ਮੁੱਖ ਮੰਤਰੀ ਸਟੇਜਾਂ ’ਤੇ ਚੁਟਕਲੇ ਸੁਣਾ ਕੇ ਲੋਕਾਂ ਦਾ ਢਿੱਡ ਭਰ ਰਿਹਾ ਹੈ ਪਰ 2027 ਦੇ ਵਿਚ ਸੂਬੇ ਦੀ ਜਨਤਾ ਇਸ ਪਾਰਟੀ ਨੂੰ ਬਾਹਰ ਦਾ ਰਸਤਾ ਵਿਖਾਉਣ ਲਈ ਕਾਹਲੀ ਬੈਠੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਕਜੁੱਟ ਹੈ ਅਤੇ 2027 ਦੀਆਂ ਚੋਣਾਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਪੰਜਾਬ ਅੰਦਰ ਸਰਕਾਰ ਬਣਾਏਗੀ। ਇਸ ਮੌਕੇ ਵਿਨੋਦ ਕੁਮਾਰ ਬਾਂਸਲ, ਗੌਤਮ ਬਾਂਸਲ, ਸ਼ੰਟੀ ਬਹਾਵਲਪੁਰੀਆ, ਪਵਨ ਕੁਮਾਰ ਬਤਾਰਾ ਆਦਿ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ