ਭੇਦਭਰੀ ਹਾਲਤ ਵਿਚ ਵਿਆਹੁਤਾ ਲੜਕੀ ਦੀ ਮੌਤ
ਹਰਸਾ ਛੀਨਾ (ਅੰਮ੍ਰਿਤਸਰ), 5 ਅਪ੍ਰੈਲ (ਕੜਿਆਲ)- ਪੁਲਿਸ ਥਾਣਾ ਰਾਜਾਸਾਂਸੀ ਅਧੀਨ ਪੈਂਦੀ ਪੁਲਿਸ ਚੌਕੀ ਕੁਕੜਾਂਵਾਲਾ ਦੇ ਖੇਤਰ ਪਿੰਡ ਸਬਾਜਪੁਰਾ ਹਰਸਾ ਛੀਨਾ ਵਿਖੇ ਬੀਤੀ ਦੇਰ ਸ਼ਾਮ ਭੇਦਭਰੀ ਹਾਲਤ ਵਿਚ ਇਕ ਵਿਆਹੁਤਾ ਲੜਕੀ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ।
ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਸੁੱਚਾ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਹਰੜ ਖੁਰਦ ਤਹਿਸੀਲ ਅਜਨਾਲਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੀ ਬੇਟੀ ਕੁਲਜੀਤ ਕੌਰ ਦਾ ਤਿੰਨ ਸਾਲ ਪਹਿਲਾਂ ਪਿੰਡ ਸਬਾਜਪੁਰਾ ਹਰਸਾ ਛੀਨਾ ਵਾਸੀ ਲਵਦੀਪ ਸਿੰਘ ਪੁੱਤਰ ਸਵ. ਹਰਭਜਨ ਸਿੰਘ ਨਾਲ ਵਿਆਹ ਹੋਇਆ ਸੀ ਅਤੇ ਉਨ੍ਹਾਂ ਦਾ ਅੱਠ ਮਹੀਨੇ ਦਾ ਇਕ ਬੇਟਾ ਹੈ। ਉਨ੍ਹਾਂ ਦੀ ਬੇਟੀ ਕੁਲਜੀਤ ਕੌਰ ਨੂੰ ਪਤੀ ਲਵਦੀਪ ਸਿੰਘ, ਸੱਸ ਚਰਨਜੀਤ ਕੌਰ ਅਤੇ ਨਨਾਣ ਪ੍ਰਭਜੋਤ ਕੌਰ ਵਲੋਂ ਹੋਰ ਦਾਜ ਲਿਆਉਣ ਅਤੇ ਮਾਪਿਆਂ ਦੀ ਜ਼ਮੀਨ ਜਾਇਦਾਦ ਵਿਚੋਂ ਹਿੱਸਾ ਲਿਆਉਣ ਲਈ ਤੰਗ ਪਰੇਸ਼ਾਨ ਕੀਤਾ ਜਾਂਦਾ ਰਿਹਾ ਅਤੇ ਵਾਰ-ਵਾਰ ਉਸ ਨੂੰ ਜਬਰੀ ਪੇਕੇ ਭੇਜਿਆ ਜਾਂਦਾ ਰਿਹਾ। ਬੀਤੀ ਸ਼ਾਮ ਉਨ੍ਹਾਂ ਨੂੰ ਸੱਸ ਚਰਨਜੀਤ ਕੌਰ ਦਾ ਫੋਨ ਆਇਆ ਕਿ ਬੇਟੀ ਕੁਲਜੀਤ ਕੌਰ ਨੇ ਆਤਮ ਹੱਤਿਆ ਕਰ ਲਈ ਹੈ, ਜਦ ਕਿ ਉਨ੍ਹਾਂ ਨੂੰ ਪੱਕਾ ਯਕੀਨ ਹੈ ਕਿ ਦਾਜ ਅਤੇ ਮਾਪਿਆਂ ਦੀ ਜ਼ਮੀਨ ਵਿਚੋਂ ਹਿੱਸਾ ਲਿਆਉਣ ਦੇ ਲਾਲਚ ਕਾਰਨ ਉਨ੍ਹਾਂ ਦੀ ਬੇਟੀ ਕੁਲਜੀਤ ਕੌਰ ਦੀ ਹੱਤਿਆ ਕੀਤੀ ਗਈ। ਇਸ ਸੰਬੰਧੀ ਪੁਲਿਸ ਚੌਂਕੀ ਕੁਕੜਾਵਾਲਾ ਦੇ ਇੰਚਾਰਜ ਏ. ਐਸ. ਆਈ. ਕੁਲਬੀਰ ਸਿੰਘ ਨੇ ਦੱਸਿਆ ਕਿ ਪ੍ਰਾਪਤ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਮ੍ਰਿਤਕ ਕੁਲਜੀਤ ਕੌਰ ਦੇ ਪਤੀ ਲਵਦੀਪ ਸਿੰਘ , ਸੱਸ ਚਰਨਜੀਤ ਕੌਰ ਤੇ ਨਨਾਣ ਪ੍ਰਭਜੋਤ ਕੌਰ ਵਿਰੁੱਧ ਮੁਕਦਮਾ ਦਰਜ ਕੀਤਾ ਗਿਆ ਹੈ। ਛਾਪੇਮਾਰੀ ਕਰਦਿਆਂ ਸੱਸ ਚਰਨਜੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਦੋਸ਼ੀਆਂ ਦੀ ਜਲਦ ਗ੍ਰਿਫਤਾਰੀ ਕੀਤੀ ਜਾਵੇਗੀ।
;
;
;
;
;
;
;
;