ਵਿਸ਼ਾਲ ‘ਸਾਈਕਲ ਕੈਂਪੇਨ’ ਵਿਚ 400 ਤੋਂ ਵੱਧ ਸਾਈਕਲਿਸਟਾਂ ਨੇ ਲਿਆ ਹਿੱਸਾ
ਗੁਰੂਹਰਸਹਾਏ ), 5 ਅਪ੍ਰੈਲ (ਕਪਿਲ ਕੰਧਾਰੀ)- ਅੱਜ ਸਥਾਨਕ ਰੇਲਵੇ ਪਾਰਕ ਗੁਰੂਹਰਸਹਾਏ ਤੋਂ ਸਿਹਤਮੰਦ ਜੀਵਨਸ਼ੈਲੀ ਅਤੇ ਸਮਾਜਿਕ ਜਾਗਰੂਕਤਾ ਨੂੰ ਸਮਰਪਿਤ ਇਕ ਵਿਸ਼ਾਲ ‘ਸਾਈਕਲ ਕੈਂਪੇਨ’ ਦਾ ਸਫਲ ਆਯੋਜਨ ਕੀਤਾ ਗਿਆ। ਇਸ ਰੈਲੀ ਨੂੰ ਡੀ.ਐਸ.ਪੀ. ਰਾਜਬੀਰ ਸਿੰਘ ਅਤੇ ਇੰਜੀਨੀਅਰ ਬਲਬੀਰ ਸਿੰਘ ਵੋਹਰਾ (ਪਿੰਕਾ ਵੋਹਰਾ, ਐਸ.ਡੀ.ਓ. ਰਿਟਾਇਰਡ) ਵੱਲੋਂ ਸਵੇਰੇ 8:00 ਵਜੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।ਇਹ ਸਾਈਕਲ ਰੈਲੀ ਰੇਲਵੇ ਪਾਰਕ ਤੋਂ ਸ਼ੁਰੂ ਹੋ ਕੇ ਮੁਕਤਸਰ ਰੋਡ ਸਥਿਤ ਗੁਰਦੁਆਰਾ ਬੇਰ ਸਾਹਿਬ ਦੇ ਕੋਲੋਂ ਲੰਘਦੀ ਹੋਈ ਪਿੰਡ ਸ਼ਰੀਂਹ ਵਾਲਾ ਬਰਾੜ ਪਹੁੰਚੀ, ਜਿੱਥੇ ਲਾਡੀ ਧਵਨ ਅਤੇ ਪਿੰਡ ਵਾਸੀਆਂ ਵੱਲੋਂ ਭਰਪੂਰ ਸਵਾਗਤ ਕੀਤਾ ਗਿਆ ਅਤੇ ਜੂਸ, ਫਲ ਅਤੇ ਪਾਣੀ ਦੀ ਸੇਵਾ ਕੀਤੀ ਗਈ।
ਇਸ ਤੋਂ ਬਾਅਦ ਰੈਲੀ ਪਿੰਡ ਕਾਹਨ ਸਿੰਘ ਵਾਲਾ ਵਿਖੇ ਪਹੁੰਚੀ, ਜਿੱਥੇ ਚਾਹ ਅਤੇ ਲੱਡੂਆਂ ਨਾਲ ਸਵਾਗਤ ਕਰਦੇ ਹੋਏ ਸੋਸਾਇਟੀ ਮੈਂਬਰਾਂ ਨੂੰ ਸਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਰੈਲੀ ਪਿੰਡ ਮੋਠਾਂ ਵਾਲਾ ਤੋਂ ਹੁੰਦੀ ਹੋਈ ਲਗਭਗ 22 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਚੰਦਨ ਪੈਲੇਸ, ਗੁਰੂਹਰਸਹਾਏ ਵਿਖੇ ਸਮਾਪਤ ਹੋਈ। ਸਮਾਪਤੀ ਸਮਾਗਮ ਦੌਰਾਨ ਐਸ.ਐਸ.ਪੀ. ਭੁਪਿੰਦਰ ਸਿੰਘ, ਇੰਜ: ਬਲਬੀਰ ਸਿੰਘ ਵੋਹਰਾ ਅਤੇ ਡੀ.ਐਸ.ਪੀ. ਰਾਜਬੀਰ ਸਿੰਘ ਵੱਲੋਂ ਸੱਤ ਸਾਈਕਲਾਂ ਦੇ ਲੱਕੀ ਡ੍ਰਾਅ ਕੱਢੇ ਗਏ। ਇਹ ਸਾਈਕਲਾਂ ਸੁਖਬੀਰ ਐਗਰੋ ਐਨਰਜੀ ਲਿਮਿਟਿਡ ਵੱਲੋਂ ਸਪਾਂਸਰ ਕੀਤੀਆਂ ਗਈਆਂ। ਇਨ੍ਹਾਂ ਵਿੱਚੋਂ 5 ਸਾਈਕਲ ਮਰਦਾਂ ਅਤੇ 2 ਸਾਈਕਲ ਮਹਿਲਾਵਾਂ ਲਈ ਸਨ। ਰੈਲੀ ਵਿੱਚ ਸਭ ਤੋਂ ਛੋਟੀ ਉਮਰ ਦੇ 7 ਸਾਲਾ ਬੱਚੇ ਕੀਰਤ ਅਤੇ ਸਭ ਤੋਂ ਵੱਡੀ ਉਮਰ ਦੇ 81 ਸਾਲਾ ਬਜ਼ੁਰਗ ਸ੍ਰੀ ਮੋਹਨ ਲਾਲ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
;
;
;
;
;
;
;
;