ਥਾਣੇ ਵਿਚ ਐਸ.ਐਚ.ਓ. ਤੇ ਏ.ਐਸ. ਆਈ. ਆਹਮੋ-ਸਾਹਮਣੇ
ਫ਼ਿਰੋਜ਼ਪੁਰ, 4 ਅਪ੍ਰੈਲ (ਸੁਖਵਿੰਦਰ ਸਿੰਘ) — ਥਾਣਾ ਸਿਟੀ ਫ਼ਿਰੋਜ਼ਪੁਰ ਵਿਚ ਇਕ ਕੇਸ ਦੀ ਤਫਤੀਸ਼ ਨੂੰ ਲੈ ਕੇ ਐਸਐਚਓ ਕਸ਼ਮੀਰ ਸਿੰਘ ਅਤੇ ਏਐਸਆਈ ਰਮਨ ਕੁਮਾਰ ਵਿਚਾਲੇ ਤਿੱਖੀ ਤਕਰਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਪੁਲਿਸ ਵਿਭਾਗ ਵਿਚ ਚਰਚਾ ਛੇੜ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ, ਬੀਤੇ ਦਿਨ ਦੋ ਗੁੱਟਾਂ ਵਿਚਾਲੇ ਹੋਈ ਲੜਾਈ ਦੇ ਮਾਮਲੇ ਵਿਚ ਏਐਸਆਈ ਰਮਨ ਕੁਮਾਰ ਵਲੋਂ ਇਕ ਦੋਸ਼ੀ ਨੂੰ ਥਾਣੇ ਅੱਗੇ ਤੋਂ ਕਾਬੂ ਕਰਕੇ ਤਫਤੀਸ਼ ਲਈ ਲਿਆਂਦਾ ਗਿਆ ਸੀ। ਜਦੋਂ ਉਹ ਉਸ ਨਾਲ ਪੁੱਛਗਿੱਛ ਕਰ ਰਹੇ ਸਨ ਤਾਂ ਓਸੇ ਵੇਲੇ ਐਸਐਚਓ ਕਸ਼ਮੀਰ ਸਿੰਘ ਮੌਕੇ ’ਤੇ ਪਹੁੰਚੇ, ਜਿਥੇ ਦੋਵਾਂ ਅਧਿਕਾਰੀਆਂ ਵਿਚਾਲੇ ਬਹਿਸ ਸ਼ੁਰੂ ਹੋ ਗਈ।
ਦੱਸਿਆ ਜਾਂਦਾ ਹੈ ਕਿ ਇਸ ਤਕਰਾਰ ਦੌਰਾਨ ਐਸਐਚਓ ਵਲੋਂ ਦੋਸ਼ੀ ਨੂੰ ਆਪਣੇ ਨਾਲ ਲੈ ਜਾਇਆ ਗਿਆ, ਜਿਸ ’ਤੇ ਏਐਸਆਈ ਰਮਨ ਕੁਮਾਰ ਨੇ ਇਤਰਾਜ਼ ਜਤਾਇਆ। ਏਐਸਆਈ ਦਾ ਦੋਸ਼ ਹੈ ਕਿ ਇਸ ਦੌਰਾਨ ਐਸਐਚਓ ਅਤੇ ਦੋਸ਼ੀ ਦੇ ਨਾਲ ਆਏ ਕੁਝ ਵਿਅਕਤੀਆਂ ਵਲੋਂ ਉਸ ਦੀ ਵਰਦੀ ਨਾਲ ਬਦਸਲੂਕੀ ਕੀਤੀ ਗਈ ਅਤੇ ਉਸ ਦੀ ਨੇਮ ਪਲੇਟ ਵੀ ਉਤਾਰ ਦਿੱਤੀ ਗਈ।ਏਐਸਆਈ ਰਮਨ ਕੁਮਾਰ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਆਪਣੇ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣਗੇ ਤਾਂ ਜੋ ਸੱਚਾਈ ਸਾਹਮਣੇ ਆ ਸਕੇ।
ਓਧਰ ਐਸਐਚਓ ਕਸ਼ਮੀਰ ਸਿੰਘ ਨੇ ਦੱਸਿਆ ਕਿ ਦੋ ਗੁੱਟਾਂ ਦੀ ਲੜਾਈ ਦੇ ਮਾਮਲੇ ਵਿਚ ਸੱਤ ਜਣਿਆਂ ਖ਼ਿਲਾਫ਼ ਮੁਕਦਮਾ ਦਰਜ ਕੀਤਾ ਗਿਆ ਸੀ ਅਤੇ ਤਫਤੀਸ਼ ਦੇ ਤਹਿਤ ਇਕ ਦੋਸ਼ੀ ਨੂੰ ਲਿਆਂਦਾ ਗਿਆ ਸੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਇਸ ਦੌਰਾਨ ਏਐਸਆਈ ਵਲੋਂ ਦੁਰਵਿਵਹਾਰ ਕੀਤਾ ਗਿਆ।ਮਾਮਲਾ ਹੁਣ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਜਾਣ ਦੀ ਸੰਭਾਵਨਾ ਹੈ ਅਤੇ ਅੱਗੇ ਦੀ ਕਾਰਵਾਈ ਉਨ੍ਹਾਂ ਦੇ ਹੁਕਮਾਂ ਅਨੁਸਾਰ ਕੀਤੀ ਜਾਵੇਗੀ।
;
;
;
;
;
;
;
;