JALANDHAR WEATHER

ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਮਾਮਲਾ: ਕਾਤਲਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੋਵੇਗਾ ਅੰਤਿਮ ਸੰਸਕਾਰ

ਮਾਛੀਵਾੜਾ ਸਾਹਿਬ, (ਲੁਧਿਆਣਾ), 30 ਮਾਰਚ (ਮਨੋਜ ਕੁਮਾਰ, ਰਾਜਦੀਪ ਸਿੰਘ ਅਲਬੇਲਾ)- ਬੀਤੀ ਸ਼ਾਮ ਕਰੀਬ 6.30 ਵਜੇ ਹਾੜੀਆਂ ਅੱਡੇ ਦੇ ਨਜ਼ਦੀਕ ਬੜੀ ਬੇਰਹਿਮੀ ਨਾਲ ਕਤਲ ਕੀਤੇ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਦੇ ਮਾਮਲੇ ਵਿਚ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਕਿ ਜਦੋਂ ਤੱਕ ਪੁਲਿਸ ਇਸ ਕਤਲਕਾਂਡ ਦੇ ਦੋਸ਼ੀਆਂ ਨੂੰ ਕਾਬੂ ਕਰਕੇ ਮਾਮਲੇ ਦਾ ਸੱਚ ਸਾਹਮਣੇ ਨਹੀ ਲਿਆਂਦੀ, ਉਦੋਂ ਤੱਕ ਤਿਵਾੜੀ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਇਸ ਫੈਸਲੇ ’ਤੇ ਗੱਲਬਾਤ ਕਰਦਿਆਂ ਹਲਕਾ ਇੰਚਾਰਜ ਸਮਰਾਲਾ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਦੱਸਿਆ ਕਿ ਇਹ ਫੈਸਲਾ ਪਾਰਟੀ ਹਾਈਕਮਾਂਡ ਤੇ ਪਰਿਵਾਰ ਦਾ ਹੈ।

15 ਗਜ਼ ਦੀ ਜ਼ਮੀਨ ਦਾ ਟੋਟਾ ਬਣਿਆ ਕਤਲ ਦਾ ਕਾਰਨ-

ਬੀਤੀ ਸ਼ਾਮ 6.30 ਵਜੇ ਦੇ ਕਰੀਬ ਮਾਛੀਵਾੜਾ ਬਲਾਕ ਕਾਂਗਰਸ ਦੇ ਪ੍ਰਧਾਨ ਪਰਮਿੰਦਰ ਤਿਵਾੜੀ ਦਾ ਕੁਹਾੜੀ ਮਾਰ ਕੇ ਬੇਰਹਿਮੀ ਨਾਲ ਕਤਲ ਹੋ ਗਿਆ ਸੀ। ਕਤਲ ਕਰਨ ਤੋਂ ਬਾਅਦ ਹਮਲਾਵਾਰ ਮੌਕੇ ਤੋਂ ਫ਼ਰਾਰ ਹੋ ਗਏ ਸਨ। ਇਸ ਮਾਮਲੇ ਵਿਚ ਇਕ ਮੁਲਜ਼ਮ ਦੀ ਪਹਿਚਾਣ ਵਿਜੈ ਕੁਮਾਰ ਵਾਸੀ ਤੱਖਰਾਂ-ਖੋਖਰਾਂ ਵਜੋਂ ਹੋਈ ਹੈ। ਮੁੱਢਲੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਮੁਲਜ਼ਮ ਵਿਜੈ ਕੁਮਾਰ ਪਿੰਡ ਤੱਖਰਾਂ-ਖੋਖਰਾਂ ਦੀ ਪੰਚਾਇਤ ਅਤੇ ਮ੍ਰਿਤਕ ਪਰਮਿੰਦਰ ਤਿਵਾੜੀ ਨਾਲ ਪਿੰਡ ਵਿਚ ਕੇਵਲ 15 ਗਜ਼ ਦੀ ਪੰਚਾਇਤੀ ਜ਼ਮੀਨ ਦੇ ਵਿਵਾਦ ਕਾਰਨ ਰੰਜਿਸ਼ ਰੱਖਦਾ ਸੀ, ਜਿਸ ਕਾਰਨ ਉਸਦਾ ਕਤਲ ਕੀਤਾ ਗਿਆ। ਪਿੰਡ ਤੱਖਰਾਂ-ਖੋਖਰਾਂ ਦੀ ਪੰਚਾਇਤ ਕਾਂਗਰਸ ਪੱਖੀ ਚੁਣੀ ਗਈ ਸੀ, ਜਿਸ ਨੂੰ ਬਣਾਉਣ ਵਿਚ ਬਲਾਕ ਕਾਂਗਰਸ ਪ੍ਰਧਾਨ ਪਰਮਿੰਦਰ ਤਿਵਾੜੀ ਦਾ ਅਹਿਮ ਯੋਗਦਾਨ ਸੀ। ਪੰਚਾਇਤ ਚੁਣੇ ਜਾਣ ਤੋਂ ਬਾਅਦ ਤਿਵਾੜੀ, ਸਰਪੰਚ ਅਤੇ ਸਮੂਹ ਪੰਚਾਇਤ ਮੈਂਬਰਾਂ ਨੇ ਵਿਜੈ ਕੁਮਾਰ ਕੋਲ ਜੋ ਪੰਚਾਇਤੀ ਥਾਂ ’ਤੇ ਜੋ ਨਾਜਾਇਜ਼ ਕਬਜ਼ਾ ਕੀਤਾ, ਸੀ ਉਸ ਤੋਂ ਕਰੀਬ 15 ਗਜ਼ ਦਾ ਕਬਜ਼ਾ ਛੁਡਵਾਇਆ, ਜਦਕਿ ਬਾਕੀ ’ਤੇ ਉਸਦਾ ਸਾਰਾ ਪਰਿਵਾਰ ਕਾਬਜ਼ ਸੀ।

ਇਸ ਸੰਬੰਧੀ ਮਾਮਲਾ ਮਾਛੀਵਾੜਾ ਥਾਣਾ ਵਿਖੇ ਪੁੱਜਾ, ਜਿੱਥੇ ਮੁਲਜ਼ਮ ਵਿਜੈ ਕੁਮਾਰ, ਮ੍ਰਿਤਕ ਪਰਮਿੰਦਰ ਤਿਵਾੜੀ ਅਤੇ ਪੰਚਾਇਤ ਵਿਚਕਾਰ ਤਕਰਾਰਬਾਜ਼ੀ ਹੋਈ ਦੱਸੀ ਜਾ ਰਹੀ ਹੈ। ਪੰਚਾਇਤੀ ਕਬਜ਼ਾ ਹਟਾਉਣ ਤੋਂ ਬਾਅਦ ਮੁਲਜ਼ਮ ਵਿਜੈ ਕੁਮਾਰ ਨੇ ਇਸ ਸੰਬੰਧੀ ਅਦਾਲਤ ਵਿਚ ਪਟੀਸ਼ਨ ਵੀ ਦਾਇਰ ਕੀਤੀ ਹੋਈ ਸੀ ਪਰ ਉਹ ਪਰਮਿੰਦਰ ਤਿਵਾੜੀ ਤੇ ਪੰਚਾਇਤ ਨਾਲ ਰੰਜਿਸ਼ ਰੱਖ ਰਿਹਾ ਸੀ।

ਅੱਜ ਇਸ ਸੰਬੰਧੀ ਏ.ਡੀ.ਸੀ.ਪੀ. ਜਸ਼ਨਦੀਪ ਸਿੰਘ ਗਿੱਲ ਨੇ ਖੁਲਾਸਾ ਕੀਤਾ ਕਿ ਇਹ ਪੰਚਾਇਤੀ ਜ਼ਮੀਨ ਦਾ ਕਬਜ਼ਾ ਕਰਉਣ ਦੀ ਰੰਜਿਸ਼ ਕਾਰਨ ਹੀ ਵਿਜੈ ਕੁਮਾਰ ਨੇ ਕਾਂਗਰਸ ਦੇ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਦਾ ਕਤਲ ਕੀਤਾ ਹੈ। ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਕਿਹਾ ਕਿ ਬਲਾਕ ਕਾਂਗਰਸ ਪ੍ਰਧਾਨ ਪਰਮਿੰਦਰ ਤਿਵਾੜੀ ਦੇ ਕਤਲ ਦੀ ਉਹ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਪਰਿਵਾਰ ਤੇ ਪਾਰਟੀ ਵਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਜਦੋਂ ਤੱਕ ਪੁਲਿਸ ਕਾਤਲਾਂ ਨੂੰ ਫੜ ਕੇ ਸਲਾਖ਼ਾਂ ਪਿੱਛੇ ਨਹੀਂ ਧੱਕਦੀ, ਉਦੋਂ ਤੱਕ ਉਹ ਨਾ ਤਾਂ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣਗੇ ਅਤੇ ਨਾ ਹੀ ਅੰਤਿਮ ਸਸਕਾਰ ਕਰਨਗੇ। ਅੱਜ ਪਿੰਡ ਹਾੜੀਆਂ ਅਤੇ ਉੱਥੋਂ ਦੇ ਲੋਕਾਂ ਵਿਚ ਕਾਫ਼ੀ ਸਹਿਮ ਦਾ ਮਾਹੌਲ ਦੇਖਣ ਨੂੰ ਮਿਲਿਆ। ਉਸਦੇ ਕਤਲ ਕਾਰਨ ਸੋਗ ਦੀ ਲਹਿਰ ਪਾਈ ਜਾ ਰਹੀ ਸੀ, ਜਿਸ ਕਾਰਨ ਮਾਲਵਾ ਚੌਕ ਦੀਆਂ ਸੈਂਕੜੇ ਦੁਕਾਨਾਂ ਬੰਦ ਰਹੀਆਂ। ਦੂਸਰੇ ਪਾਸੇ ਲੋਕ ਮੰਗ ਕਰ ਰਹੇ ਸਨ ਕਿ ਇਸ ਕਤਲ ਦੀ ਨਿਰਪੱਖ ਜਾਂਚ ਕਰਕੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।


 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ