JALANDHAR WEATHER

ਤਰੀਕ ਭੁਗਤਣ ਆਏ ਨੌਜਵਾਨ ਦੀ ਮੁਹਾਲੀ ਦੇ ਐਸ.ਐਸ.ਪੀ. ਦਫਤਰ ਅੱਗੇ ਗੋਲੀਆਂ ਮਾਰ ਕੇ ਹੱਤਿਆ

ਐੱਸ. ਏ. ਐੱਸ. ਨਗਰ, 28 ਜਨਵਰੀ (ਕਪਿਲ ਵਧਵਾ)- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੁਹਾਲੀ ਵਿਖੇ ਬੁੱਧਵਾਰ ਦੁਪਹਿਰ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਐਸ.ਐਸ.ਪੀ. ਦਫ਼ਤਰ ਦੇ ਗੇਟ ਦੇ ਬਾਹਰ ਸੜਕ ’ਤੇ ਇਕ ਨੌਜਵਾਨ ’ਤੇ ਅਣਪਛਾਤੇ ਹਮਲਾਵਰਾਂ ਵਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ। ਜਾਣਕਾਰੀ ਅਨੁਸਾਰ ਨੌਜਵਾਨ ਦੀ ਮੌਕੇ ਉਤੇ ਹੀ ਮੌਤ ਹੋ ਗਈ।

ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਫਾਇਰਿੰਗ ਦੀ ਸੂਚਨਾ ਮਿਲਦੇ ਹੀ ਥਾਣਾ ਸੋਹਾਣਾ ਦੀ ਪੁਲਿਸ ਅਤੇ ਉੱਚ ਅਧਿਕਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਰੇ ਗੇਟ ਬੰਦ ਕਰ ਦਿੱਤੇ ਗਏ ਅਤੇ ਕੁਝ ਸਮੇਂ ਲਈ ਕਿਸੇ ਵੀ ਵਿਅਕਤੀ ਨੂੰ ਅੰਦਰ ਜਾਂ ਬਾਹਰ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਪੁਲਿਸ ਵਲੋਂ ਮੌਕੇ ਤੋਂ ਸਬੂਤ ਇਕੱਠੇ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਜਦਕਿ ਫਰਾਰ ਹਮਲਾਵਰਾਂ ਦੀ ਭਾਲ ਲਈ ਨਾਕਾਬੰਦੀ ਕਰ ਦਿੱਤੀ ਗਈ ਹੈ। ਘਟਨਾ ਦੇ ਕਾਰਨਾਂ ਅਤੇ ਹਮਲਾਵਰਾਂ ਦੀ ਪਛਾਣ ਬਾਰੇ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ।

ਸੂਤਰਾਂ ਅਨੁਸਾਰ ਇਸ ਨੌਜਵਾਨ ਦੀ ਮੌਤ ਹੋ ਗਈ ਹੈ। ਉਹ ਬੁੱਧਵਾਰ ਨੂੰ ਆਪਣੀ ਪਤਨੀ ਨਾਲ ਐਨ.ਡੀ.ਪੀ.ਐਸ. ਦੇ ਮਾਮਲੇ ਵਿਚ ਤਰੀਕ ਭੁਗਤਣ ਲਈ ਮੁਹਾਲੀ ਅਦਾਲਤ ਵਿਖੇ ਆਇਆ ਸੀ। ਇਸ ਦੇ ਲਿੰਕ ਗੈਂਗਸਟਰ ਗੋਲਡੀ ਬਰਾੜ ਨਾਲ ਦੱਸੇ ਜਾ ਰਹੇ ਹਨ। ਜਦੋਂ ਉਹ ਆਪਣੀ ਗੱਡੀ ਵਿਚੋਂ ਆਪਣਾ ਮੋਬਾਈਲ ਫੋਨ ਕੱਢਣ ਲਈ ਬਾਹਰ ਆਇਆ ਤਾਂ ਅਚਾਨਕ ਦੋ ਮੋਟਰਸਾਈਕਲ ਸਵਾਰ ਨੌਜਵਾਨ ਆਏ ਅਤੇ ਕਰੀਬ 11 ਗੋਲੀਆਂ ਫਾਇਰ ਕਰਕੇ ਮੌਕੇ ਤੋਂ ਫਰਾਰ ਹੋ ਗਏ। ਇਸ ਵਾਰਦਾਤ ਤੋਂ ਬਾਅਦ ਉਸ ਨੌਜਵਾਨ ਦੀ ਮੌਕੇ ਉਤੇ ਹੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਗੁਰਵਿੰਦਰ ਸਿੰਘ ਉਰਫ ਪਾਠੀ ਵਜੋਂ ਹੋਈ ਹੈ ਜੋ ਕਿ ਰੁੜਕੀ ਖਾਮ ਦਾ ਰਹਿਣ ਵਾਲਾ ਹੈ। 

ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਣ ਲਈ ਮੁਹਾਲੀ ਦੇ ਐਸਐਸਪੀ ਹਰਮਨਦੀਪ ਸਿੰਘ ਹੰਸ ਅਤੇ ਡੀਆਈਜੀ ਨਾਨਕ ਸਿੰਘ ਪਹੁੰਚੇ। ਡੀ. ਆਈ. ਜੀ. ਨਾਨਕ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਰਵਿੰਦਰ ਸਿੰਘ ਇਕ ਫੀਮ ਦੇ ਮਾਮਲੇ ਸਬੰਧੀ ਮਹਾਲੀ ਅਦਾਲਤ ਆਇਆ ਸੀ ਅਤੇ ਜਿਵੇਂ ਹੀ ਅਦਾਲਤ ਤੋਂ ਬਾਹਰ ਨਿਕਲਿਆ ਤਾਂ ਅਣਪਛਾਤੇ ਹਮਲਾਵਰਾਂ ਨੇ ਇਸ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਉਨ੍ਹਾਂ ਕਿਹਾ ਕਿ ਹਮਲਾਵਰਾਂ ਨੂੰ ਟਰੇਸ ਕਰਨ ਲਈ ਵੱਖ-ਵੱਖ ਟੀਮਾਂ ਬਣਾ ਦਿੱਤੀਆਂ ਗਈਆਂ ਹਨ ਤੇ ਜਲਦੀ ਹੀ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ