ਪੁਲਿਸ ਮੁਕਾਬਲੇ ’ਚ ਜ਼ਖ਼ਮੀ ਹੋਇਆ ਗੈਂਗਸਟਰ ਇਲਾਜ ਦੌਰਾਨ ਸਿਵਲ ਹਸਪਤਾਲ ’ਚੋਂ ਫਰਾਰ
ਬਟਾਲਾ, 6 ਦਸੰਬਰ (ਸਤਿੰਦਰ ਸਿੰਘ) - ਅੱਜ ਬਟਾਲਾ ਪੁਲਿਸ ਨੂੰ ਉਸ ਸਮੇਂ ਹੱਥਾਂ-ਪੈਰਾਂ ਦੀ ਪੈ ਗਈ, ਜਦੋਂ ਜ਼ੇਰੇ ਇਲਾਜ ਗੈਂਗਸਟਰ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਗੈਂਗਸਟਰ ਨੂੰ ਪਿਛਲੇ ਦਿਨੀਂ ਕਾਂਗਰਸੀ ਆਗੂ ਦੀ ਮੋਬਾਇਲ ਦੀ ਦੁਕਾਨ ’ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਪੁਲਿਸ ਮੁਕਾਬਲੇ ਦੌਰਾਨ ਜ਼ਖ਼ਮੀ ਹਾਲਤ ਵਿਚ ਕਾਬੂ ਕੀਤਾ ਗਿਆ ਸੀ।
ਇਸ ਸੰਬੰਧੀ ਸਿਵਲ ਹਸਪਤਾਲ ਵਿਖੇ ਪਹੁੰਚੇ ਐਸ.ਐਚ.ਓ. ਸਿਟੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜਖ਼ਮੀ ਗੈਂਗਸਟਰ ਕੰਵਲਜੀਤ ਨੂੰ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਸੀ, ਜੋ ਕਿ ਅੱਜ ਫਰਾਰ ਹੋ ਗਿਆ ਹੈ। ਉਨ੍ਹਾਂ ਦੱਸਿਆ ਬੀਤੇ ਦਿਨੀਂ ਸਥਾਨਕ ਜਲੰਧਰ ਰੋਡ ’ਤੇ ਕਾਂਗਰਸੀ ਆਗੂ ਦੀ ਮੋਬਾਇਲ ਦੀ ਦੁਕਾਨ ’ਤੇ ਗੈਂਗਸਟਰਾਂ ਵਲੋਂ ਗੋਲੀਆਂ ਚਲਾਈਆਂ ਗਈਆਂ ਸਨ। ਇਸ ਘਟਨਾ ਦੀ ਜਾਂਚ ਕਰਦਿਆਂ ਐਸ.ਐਸ.ਪੀ. ਬਟਾਲਾ ਦੀ ਅਗਵਾਈ ਹੇਠ ਪੁਲਿਸ ਟੀਮ ਗੈਂਗਸਟਰਾਂ ਦਾ ਪਿੱਛਾ ਕਰ ਰਹੀ ਸੀ। ਇਸੇ ਦੌਰਾਨ ਪੁਲਿਸ ਨੂੰ ਖ਼ਬਰ ਮਿਲੀ ਕਿ ਉਕਤ ਗੈਗਸਟਰ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਸ਼ਾਹਪੁਰ ਜਾਜਨ ਵਿਖੇ ਘੁੰਮ ਰਹੇ ਹਨ, ਜਿਸ ’ਤੇ ਪੁਲਿਸ ਟੀਮ ਵਲੋਂ ਇਨ੍ਹਾਂ ਗੈਂਗਸਟਰਾਂ ਨੂੰ ਘੇਰਿਆ ਗਿਆ। ਇਸ ਦੌਰਾਨ ਗੈਂਗਸਟਰਾਂ ਤੇ ਪੁਲਿਸ ਵਿਚਕਾਰ ਮੁਕਾਬਲਾ ਹੋਇਆ ਅਤੇ ਇਸ ਮੁਕਾਬਲੇ ਦੌਰਾਨ ਇਕ ਗੈਂਗਸਟਰ ਕੰਵਲਜੀਤ ਦੇ ਗੋਡੇ ’ਤੇ ਗੋਲੀ ਲੱਗੀ ਤੇ ਉਹ ਜਖ਼ਮੀ ਹੋ ਗਿਆ। ਗੈਂਗਸਟਰ ਕੰਵਲਜੀਤ ਨੂੰ ਕਾਬੂ ਕੀਤਾ ਗਿਆ ਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਉਸ ਦਾ ਇਲਾਜ ਚੱਲ ਰਿਹਾ ਸੀ। ਅੱਜ ਗੈਂਗਸਟਰ ਕੰਵਲਜੀਤ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਹੈ। ਘਟਨਾ ਦੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਗੈਗਸਟਰ ਨੂੰ ਕਾਬੂ ਕਰ ਲਿਆ ਜਾਵੇਗਾ।
;
;
;
;
;
;
;
;