ਅਜਨਾਲਾ ’ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ : ਮਾਂ-ਪਿਉ ਨੇ ਹੀ ਪੁੱਤਰ ਨੂੰ ਇੱਟਾਂ ਮਾਰ-ਮਾਰ ਕੇ ਮਾਰਿਆ
ਅਜਨਾਲਾ, 6 ਦਸੰਬਰ- (ਗੁਰਪ੍ਰੀਤ ਸਿੰਘ ਢਿੱਲੋਂ )-ਅਜਨਾਲਾ ਦੇ ਪਿੰਡ ਕਿਆਮਪੁਰ ਵਿਚ ਇਕ ਐਸਾ ਦਿਲ ਦਹਿਲਾਉਂਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਘਰੇਲੂ ਕਲੇਸ਼ ਨੇ ਇਕ ਨੌਜਵਾਨ ਦੀ ਜਾਨ ਲੈ ਲਈ। ਘਰੇਲੂ ਕਲੇਸ਼ ਕਾਰਨ ਇਹ ਪੇਕੇ ਗਈ ਪਤਨੀ ਨੂੰ ਘਰ ਵਾਪਸ ਲਿਆਉਣ ਦੀ ਜਿੱਦ ਆਪਣੇ ਹੀ ਮਾਂ–ਪਿਉ ਨੂੰ ਇਸ ਕਦਰ ਖੌਫ ਲੱਗੀ ਕਿ ਗੁੱਸੇ ਵਿਚ ਆ ਕੇ ਉਨ੍ਹਾਂ ਨੇ ਆਪਣੇ ਜੰਮੇ ਪੁੱਤਰ ਦਾ ਹੀ ਇੱਟਾਂ ਮਾਰ-ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਸਿਮਰਜੰਗ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੀ ਪਤਨੀ ਨਵਪ੍ਰੀਤ ਕੌਰ ਨੇ ਦੱਸਿਆ ਕਿ ਉਸਦਾ ਵਿਆਹ ਕਰੀਬ ਚਾਰ ਸਾਲ ਪਹਿਲਾਂ ਹੋਇਆ ਸੀ ਅਤੇ ਉਨ੍ਹਾਂ ਦਾ ਦੋ ਸਾਲ ਦਾ ਪੁੱਤਰ ਵੀ ਹੈ। ਪਰ ਘਰੇਲੂ ਕਲੇਸ਼ ਅਤੇ ਤੰਗ ਪ੍ਰੇਸ਼ਾਨੀ ਕਾਰਨ ਉਹ ਪੇਕੇ ਵਾਪਸ ਚਲੀ ਗਈ ਸੀ। ਇਸਦੇ ਬਾਵਜੂਦ, ਸਿਮਰਜੰਗ ਉਸਨੂੰ ਮੁੜ ਘਰ ਲਿਆਉਣਾ ਚਾਹੁੰਦਾ ਸੀ ਅਤੇ ਪਰਿਵਾਰ ਨੂੰ ਜੋੜ ਕੇ ਰੱਖਣਾ ਚਾਹੁੰਦਾ ਸੀ। ਨਵਪ੍ਰੀਤ ਦਾ ਕਹਿਣਾ ਹੈ ਕਿ ਉਸਦੇ ਸਹੁਰੇ ਉਸਦੀ ਵਾਪਸੀ ਦੇ ਬਿਲਕੁਲ ਖ਼ਿਲਾਫ਼ ਸਨ ਅਤੇ ਉਹ ਆਪਣੇ ਪੁੱਤਰ ਦਾ ਦੂਜਾ ਵਿਆਹ ਕਰਵਾਉਣਾ ਚਾਹੁੰਦੇ ਸਨ।
ਇਸ ਗੱਲ ਨੂੰ ਲੈ ਕੇ ਅੱਜ ਪਰਿਵਾਰ ਵਿਚ ਤਿੱਖਾ ਤਕਰਾਰ ਹੋਇਆ, ਜੋ ਹਿੰਸਾ ਵਿੱਚ ਬਦਲ ਗਿਆ। ਦੋਸ਼ੀਆਂ ਨੇ ਗੁੱਸੇ ਵਿਚ ਆ ਕੇ ਸਿਮਰਜੰਗ ਦੇ ਸਿਰ ’ਤੇ ਇੱਟਾਂ ਨਾਲ ਹਮਲਾ ਕਰ ਦਿੱਤਾ। ਜ਼ਖ਼ਮ ਇੰਨੇ ਗੰਭੀਰ ਸਨ ਕਿ ਉਸਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਘਟਨਾ ਤੋਂ ਬਾਅਦ ਪਤਨੀ ਅਤੇ ਸਹੁਰੇ ਪਰਿਵਾਰ ਦਾ ਰੋ–ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਦੇ ਸਹੁਰੇ ਨੇ ਦੱਸਿਆ ਕਿ ਬੇਟੀ ਨਾਲ ਹਮੇਸ਼ਾਂ ਤੰਗ ਪ੍ਰੇਸ਼ਾਨੀ ਹੁੰਦੀ ਰਹੀ ਅਤੇ ਉਸਦਾ ਜਵਾਈ ਉਸਨੂੰ ਵਾਪਸ ਘਰ ਲਿਜਾਣਾ ਚਾਹੁੰਦਾ ਸੀ, ਪਰ ਸਸੁਰਾਲ ਵਾਲਿਆਂ ਨੂੰ ਇਹ ਕਦੇ ਮਨਜ਼ੂਰ ਨਹੀਂ ਸੀ।
;
;
;
;
;
;
;
;