ਬਲਾਕ ਸੜੋਆ ਵਿਖੇ ਚੇਅਰਮੈਨ ਦੀ ਚੋਣ 6ਵੀਂ ਵਾਰ ਹੋਈ ਰੱਦ
ਮਜਾਰੀ/ਸਾਹਿਬਾ/ਸੜੋਆ (ਨਵਾਂਸ਼ਹਿਰ) 30 ਮਾਰਚ (ਚਾਹਲ, ਸੂੰਹਗੜਾ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬਲਾਚੌਰ ਦੇ ਬਲਾਕ ਸੜੋਆ ਵਿਖੇ ਬਲਾਕ ਸੰਮਤੀ ਦੇ ਚੇਅਰਮੈਨ ਦੀ ਚੋਣ ਛੇਵੀਂ ਵਾਰ ਫਿਰ ਰੱਦ ਹੋ ਗਈ। ਇਸ ਮੌਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਆਮੋ-ਸਾਹਮਣੇ ਹੋ ਗਏ, ਜਿਨ੍ਹਾਂ ਨੂੰ ਪ੍ਰਸ਼ਾਸਨ ਵਲੋਂ ਆਪਣੀ ਸੂਝ-ਬੂਝ ਨਾਲ ਸ਼ਾਂਤ ਕੀਤਾ ਗਿਆ। ਇਸ ਬਲਾਕ ਦੇ 15 ਬਲਾਕ ਸੰਮਤੀ ਮੈਂਬਰਾਂ ਵਿਚ ਕਾਂਗਰਸ ਪਾਰਟੀ ਦੇ ਸੱਤ ਮੈਂਬਰ ਤੇ ਇਕ ਬਸਪਾ ਮੈਂਬਰ ਵਲੋਂ ਵੀ ਸਮਰਥਨ ਦਿੱਤਾ ਗਿਆ ਸੀ। ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਪੰਜ ਮੈਂਬਰ, ਜਿਨ੍ਹਾਂ ਵਿਚੋਂ ਇਕ ਗੈਰ-ਹਾਜ਼ਰ ਅਤੇ ਚਾਰ ਹਾਜ਼ਰ ਰਹੇ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦੋ ਮੈਂਬਰਾਂ ਵਲੋਂ ਇਸ ਚੋਣ ਦਾ ਬਾਈਕਾਟ ਕੀਤਾ ਗਿਆ। ਕਾਂਗਰਸ ਪਾਰਟੀ ਕੋਲ ਅੱਠ ਮੈਂਬਰ ਹੋਣ ਦੇ ਨਾਤੇ ਵੀ ਪ੍ਰਸ਼ਾਸਨ ਵਲੋਂ ਚੇਅਰਮੈਨੀ ਦੀ ਚੋਣ ਰੱਦ ਕਰ ਦਿੱਤੀ ਗਈ। ਜਿਸ ਕਾਰਨ ਕਾਂਗਰਸ ਪਾਰਟੀ ਦੇ ਆਗੂਆਂ ਵਲੋਂ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਦੀ ਅਗਵਾਈ ਵਿਚ ਰੋਸ ਵਜੋਂ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਵੀ ਕਾਂਗਰਸ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਤੇ ਮਾਹੌਲ ਕਾਫੀ ਤਣਾਪੂਰਨ ਹੋ ਗਿਆ, ਜਿਸ ਨੂੰ ਪ੍ਰਸ਼ਾਸਨ ਨੇ ਆਪਣੀ ਸੂਝ-ਬੂਝ ਨਾਲ ਬੜੀ ਮੁਸ਼ਕਲ ਨਾਲ ਸ਼ਾਂਤ ਕੀਤਾ।
;
;
;
;
;
;
;